ਵੈਟਨਰੀ ਯੂਨੀਵਰਸਿਟੀ ਨੂੰ ਮੁਲਕ ਦੀਆਂ ਕੁੱਲ ਵੈਟਨਰੀ ਯੂਨੀਵਰਸਿਟੀਆਂ ਵਿਚੋਂ ਮਿਲਿਆ ਦੂਜਾ ਸਥਾਨ

ਲੁਧਿਆਣਾ 13 ਅਗਸਤ 2024 (ਅਮਰੀਕ ਸਿੰਘ ਪ੍ਰਿੰਸ )
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੂੰ ਰਾਸ਼ਟਰੀ ਸੰਸਥਾ ਰੈਂਕਿੰਗ ਫਰੇਮਵਰਕ 2024 ਦੀ ਸੂਚੀ ਵਿਚ ਮੁਲਕ ਦੀਆਂ ਸਾਰੀਆਂ ਵੈਟਨਰੀ ਯੂਨੀਵਰਸਿਟੀਆਂ ਵਿਚੋਂ ਰਾਸ਼ਟਰੀ ਪੱਧਰ ’ਤੇ ਦੂਸਰਾ ਸਥਾਨ ਪ੍ਰਾਪਤ ਹੋਇਆ ਹੈ। ਕੌਮੀ ਪੱਧਰ ’ਤੇ ਇਹ ਸਥਾਨ ਪ੍ਰਾਪਤ ਹੋਣਾ ਦਰਸਾਉਂਦਾ ਹੈ ਕਿ ਵੈਟਨਰੀ ਯੂਨੀਵਰਸਿਟੀ ਵੈਟਨਰੀ ਵਿਗਿਆਨ, ਪਸ਼ੂ ਵਿਗਿਆਨ, ਮੱਛੀ ਪਾਲਣ ਅਤੇ ਮੁਰਗੀ ਪਾਲਣ ਦੀ ਖੋਜ ਅਤੇ ਵਿਦਿਆ ਪ੍ਰਤੀ ਪੂਰਨ ਤੌਰ ’ਤੇ ਸਮਰਪਿਤ ਹੈ।
ਯੂਨੀਵਰਸਿਟੀ ਨੇ ਸਿਰਫ ਆਪਣੇ ਮੁੱਖ ਖੇਤਰ ਵਿਚ ਹੀ ਨਹੀਂ ਬਲਕਿ ਕੁੱਲ ਖੇਤੀਬਾੜੀ ਯੂਨੀਵਰਸਿਟੀਆਂ ਵਿਚ ਵੀ ਆਪਣੀ ਚੰਗੀ ਕਾਰਗੁਜ਼ਾਰੀ ਦਰਸਾਉਂਦੇ ਹੋਏ 24ਵਾਂ ਸਥਾਨ ਹਾਸਿਲ ਕੀਤਾ ਹੈ। ਇਸ ਵਾਰ ਇਸ ਨੂੰ ਕੁੱਲ 50.50 ਅੰਕ ਪ੍ਰਾਪਤ ਹੋਏ ਹਨ ਜੋ ਕਿ 2023 ਵਿਚ 47.79 ਸਨ ਯਾਨਿ ਲਗਭਗ 2.73 ਅੰਕਾਂ ਦਾ ਵਾਧਾ। ਇਹ ਵਾਧਾ ਯੂਨੀਵਰਸਿਟੀ ਨੂੰ ਅਧਿਆਪਨ, ਖੋਜ, ਪੇਸ਼ੇਵਰ ਕ੍ਰਿਆਵਾਂ ਅਤੇ ਵਧੀਆ ਵਿਦਿਆਰਥੀ ਪੈਦਾ ਕਰਨ ਕਰਕੇ ਮਿਲਿਆ ਹੈ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਸਾਡੀ ਇਸ ਸਫ਼ਲਤਾ ਦਾ ਸਿਹਰਾ ਸਮਰਪਿਤ ਅਧਿਆਪਕਾਂ, ਵਿਦਿਆਰਥੀਆਂ, ਕਰਮਚਾਰੀਆਂ ਅਤੇ ਸਾਬਕਾ ਵਿਦਿਆਰਥੀਆਂ ਨੂੰ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਸਾਨੂੰ ਆਪਣੇ ਟੀਚਿਆਂ ਨੂੰ ਹੋਰ ਮਿਹਨਤ ਨਾਲ ਪੂਰਿਆਂ ਕਰਨ ਦਾ ਹੌਸਲਾ ਮਿਲਿਆ ਹੈ। ਯੂਨੀਵਰਸਿਟੀ ਦੀ ਇਹ ਜ਼ਿਕਰਯੋਗ ਪ੍ਰਾਪਤੀ ਇਸੇ ਢੰਗ ਨਾਲ ਅੱਗੇ ਚੱਲੇਗੀ ਅਤੇ ਕਿਸਾਨੀ ਸਮੱਸਿਆਵਾਂ ਅਤੇ ਚੁਣੌਤੀਆਂ ਨੂੰ ਨਜਿੱਠਦੀ ਰਹੇਗੀ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਪੇਸ਼ੇਵਰ ਗੁਣਾਂ ਨੂੰ ਹੋਰ ਬਿਹਤਰ ਕਰਾਂਗੇ ਅਤੇ ਮੁਲਕ ਦੀਆਂ ਬਾਕੀ ਵੈਟਨਰੀ ਸੰਸਥਾਵਾਂ ਵਿਚ ਗਹਿਰੇ ਹਸਤਾਖ਼ਰ ਛੱਡਾਂਗੇ।



