ਪੀ.ਏ.ਯੂ. ਕਿਸਾਨ ਕਲੱਬ ਦੇ ਮੈਂਬਰ ਖੇਤੀ ਖੋਜ ਨੂੰ ਕਿਸਾਨਾਂ ਤੱਕ ਪਹੁੰਚਾਉਣ ਵਿੱਚ ਅਹਿਮ ਰੋਲ ਅਦਾ ਕਰ ਰਹੇ ਹਨ

IMG_5913

ਲੁਧਿਆਣਾ 3 ਮਈ, 2025 Tehelka tv

ਅੱਜ ਪੀ.ਏ.ਯੂ. ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਦੇ ਬਹੁਮੰਤਵੀ ਹਾਲ ਵਿਚ ਪੀ.ਏ.ਯੂ. ਦੇ ਕਿਸਾਨ ਕਲੱਬ ਦੀ ਮਹੀਨਾਵਾਰ ਮੀਟਿੰਗ ਕਰਵਾਈ ਗਈ।

ਅਪਰ ਨਿਰਦੇਸ਼ਕ ਸੰਚਾਰ ਅਤੇ ਕਿਸਾਨ ਕਲੱਬ ਦੇ ਕਨਵੀਨਰ ਡਾ. ਤੇਜਿੰਦਰ ਸਿੰਘ ਰਿਆੜ ਦੀ ਨਿਗਰਾਨੀ ਹੇਠ ਹੋਈ ਇਸ ਮੀਟਿੰਗ ਵਿਚ 95 ਦੇ ਕਰੀਬ ਕਿਸਾਨ ਸ਼ਾਮਿਲ ਹੋਏ। ਮੀਟਿੰਗ ਦੌਰਾਨ ਮਾਹਿਰਾਂ ਨੇ ਮੌਜੂਦਾ ਖੇਤੀ ਕਾਰਜਾਂ ਅਤੇ ਮਸਲਿਆਂ ਬਾਰੇ ਕਿਸਾਨਾਂ ਨਾਲ ਵਿਚਾਰ ਸਾਂਝੇ ਕੀਤੇ।

ਪੌਦਾ ਰੋਗ ਵਿਗਿਆਨੀ ਡਾ. ਯੈਸਮੀਨ ਕੌਰ ਨੇ ਸਾਉਣੀ ਦੀਆਂ ਫ਼ਸਲਾਂ ਵਿਚ ਝੋਨੇ ਤੇ ਆਉਣ ਵਾਲੀਆਂ ਬਿਮਾਰੀਆਂ ਅਤੇ ਬਿਮਾਰੀਆਂ ਦੀ ਰੋਕਥਾਮ ਉੱਤੇ ਚਾਨਣਾ ਪਾਇਆ।ਕੀਟ ਵਿਗਿਆਨੀ ਡਾ. ਅਮਨਦੀਪ ਕੌਰ ਨੇ ਹਾੜੀ ਦੀਆਂ ਫਸਲਾਂ ਵਿੱਚ ਕੀਟ ਪ੍ਰਬੰਧਨ ਬਾਰੇ ਚਰਚਾ ਕੀਤੀ।ਉਨ੍ਹਾਂ ਨੇ ਕਿਸਾਨਾਂ ਨੂੰ ਫਸਲਾਂ ਵਿੱਚ ਆਉਣ ਵਾਲੇ ਵੱਖ-ਵੱਖ ਕੀੜੇ-ਮਕੌੜਿਆਂ, ਸੁੰਡੀਆਂ ਅਤੇ ਉਨ੍ਹਾਂ ਦੀ ਢੁਕਵੀਂ ਰੋਕਥਾਮ ਬਾਰੇ ਜਾਣਕਾਰੀ ਸਾਂਝੀ ਕੀਤੀ।

ਇੰਚਾਰਜ਼ ਪਲਾਂਟ ਕਲੀਨਿਕ, ਡਾ. ਗੁਰਪ੍ਰੀਤ ਸਿੰਘ ਮੱਕੜ ਨੇ ਕਿਸਾਨਾਂ ਨੂੰ ਅਪੀਲ ਕੀਤੀ ਉਹ ਕਿਸੇ ਵੀ ਪ੍ਰਕਾਰ ਦੀ ਖੇਤੀ ਸੰਬੰਧੀ ਜਾਣਕਾਰੀ ਲੈਣ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹਨ।

ਪਸ਼ੂ ਵਿਗਿਆਨੀ ਡਾ. ਮਧੂ ਸ਼ੈਲੀ ਨੇ ਮੌਨਸੂਨ ਵਿੱਚ ਦੁਧਾਰੂ ਪਸ਼ੂਆਂ ਦੀ ਦੇਖਭਾਲ ਬਾਰੇ ਕਿਸਾਨਾਂ ਨੂੰ ਵਿਸ਼ੇਸ ਰੂਪ ਵਿੱਚ ਜਾਣਕਾਰੀ ਦਿੱਤੀ। ਮਾਈਕੋ੍ਰਬਾਇਓਲੋਜੀ ਦੇ ਮਾਹਰ ਡ. ਪ੍ਰੀਆ ਕਟਿਆਲ ਨੇ ਪੀਣ ਵਾਲੇ ਪਾਣੀ ਦੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਪੀਣ ਵਾਲੇ ਪਾਣੀ ਨੂੰ ਘਰ ਵਿੱਚ ਟੈਸਟ ਕਰਨ ਦੀ ਸਾਰੀ ਵਿਧੀ ਦੱਸੀ।

ਕਲੱਬ ਦੇ ਸਕੱਤਰ ਸ. ਸਤਵੀਰ ਸਿੰਘ ਨੇ ਮਾਹਰਾਂ ਅਤੇ ਕਲੱਬ ਦੇ ਮੈਂਬਰਾਂ ਨੂੰ ਜੀ ਆਇਆਂ ਕਿਹਾ। ਕਲੱਬ ਦੇ ਪ੍ਰਧਾਨ ਸ. ਮਨਪ੍ਰੀਤ ਗਰੇਵਾਲ ਨੇ ਅੰਤ ਵਿੱਚ ਧੰਨਵਾਦ ਕੀਤਾ। ਸੰਚਾਰ ਕੇਂਦਰ ਦੇ ਸ੍ਰੀ ਵਰਿੰਦਰ ਸਿੰਘ ਨੇ ਇਸ ਪ੍ਰੋਗਰਾਮ ਦਾ ਸੰਚਾਲਨ ਕੀਤਾ।

You may have missed