ਪੀ.ਏ.ਯੂ. ਦੇ ਵਿਦਿਆਰਥੀਆਂ ਦਾ ਹਾਈਕਿੰਗ, ਟਕਿੰਗਰੈ ਕੈਂਪ ਸਫਲਤਾ ਨਾਲ ਸਿਰਿਆ ਚੜਿਆ

ਲੁਧਿਆਣਾ 2 ਜੁਲਾਈ, 2025
ਬੀਤੇ ਦਿਨੀਂ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਦੀ ਨਿਗਰਾਨੀ ਹੇਠ ਪੀ.ਏ.ਯੂ. ਦੇ 15 ਮੁੰਡਿਆਂ ਅਤੇ 15 ਕੁੜੀਆਂ ਦਾ ਵਿਸ਼ੇਸ਼ ਸਿਖਲਾਈ ਕੈਂਪ ਡਾ. ਵਾਈ ਐੱਸ ਪਰਮਾਰ ਬਾਗਬਾਨੀ ਅਤੇ ਖੇਤੀ ਜੰਗਲਾਤ ਯੂਨੀਵਰਸਿਟੀ ਸੋਲਨ ਅਤੇ ਇਸਦੇ ਆਸਪਾਸ ਦੇ ਇਲਾਕਿਆਂ ਵਿਚ ਪ੍ਰਵਾਨ ਚੜਿਆ|
ਵਿਦਿਆਰਥੀਆਂ ਦੇ ਇਸ ਸਮੂਹ ਨੂੰ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੀਆਂ ਦੁਆਵਾਂ ਅਤੇ ਸ਼ੁਭ ਕਾਮਨਾਵਾਂ ਦੇ ਕੇ ਰਵਾਨਾ ਕੀਤਾ| ਕੈਂਪ ਦੌਰਾਨ ਵਿਦਿਆਰਥੀਆਂ ਨੇ ਨੌਣੀ ਅਤੇ ਸੋਲਨ ਦੇ ਆਸਪਾਸ ਦੇ ਇਤਿਹਾਸਕ ਮਹੱਤਵ ਵਾਲੇ ਥਾਵਾਂ ਨੂੰ ਮਾਣਿਆ| ਵਿਦਿਆਰਥੀਆਂ ਦੀ ਸਮਰਥਾ ਦੇ ਵਿਕਾਸ ਲਈ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਵੀ ਕਰਵਾਈਆਂ ਗਈਆਂ ਜਿਨ੍ਹਾਂ ਵਿਚ ਡੀਬੇਟ, ਡੈਕਲਾਮੇਸ਼ਨ, ਕਾਵਿ ਉਚਾਰਨ ਅਤੇ ਹੋਰ ਮੁਕਾਬਲੇ ਸ਼ਾਮਿਲ ਹਨ|
ਇਸ ਕੈਂਪ ਵਿਚ ਡਾ. ਰਾਜਵਿੰਦਰ ਸਿੰਘ, ਡਾ. ਇੰਦਰਪ੍ਰੀਤ ਕੌਰ ਬੋਪਾਰਾਏ ਅਤੇ ਸ਼੍ਰੀ ਗੁਰਪ੍ਰੀਤ ਸਿੰਘ ਵਿਰਕ ਨਿਗਰਾਨਾਂ ਦੇ ਤੌਰ ਤੇ ਵਿਦਿਆਰਥੀਆਂ ਦੇ ਨਾਲ ਮੌਜੂਦ ਰਹੇ|
ਵਾਈ ਐੱਸ ਪਰਮਾਰ ਬਾਗਬਾਨੀ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਸੰਜੀਵ ਚੌਹਾਨ ਨੇ ਕੁਦਰਤੀ ਖੇਤੀ ਦੇ ਪ੍ਰਦਰਸ਼ਨ ਲਈ ਇਕ ਵਿਸ਼ੇਸ਼ ਦੌਰਾ ਵਿਦਿਆਰਥੀਆਂ ਵਾਸਤੇ ਆਯੋਜਿਤ ਕੀਤਾ| ਇਸ ਦੌਰਾਨ ਵਿਦਿਆਰਥੀਆਂ ਨੂੰ ਖੇਤਾਂ ਵਿਚ ਗਰਮ ਅਤੇ ਅਰਧ ਗਰਮ ਖੁਸ਼ਕ ਰੁੱਤ ਦੇ ਪੌਦੇ ਦਿਖਾਏ ਗਏ|
ਕੈਂਪ ਦੌਰਾਨ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਵਿਦਿਆਰਥੀਆਂ ਵਿਚ ਸ਼ਾਮਿਲ ਹੋ ਕੇ ਉਹਨਾਂ ਦਾ ਹੌਸਲਾ ਵਧਾਇਆ ਅਤੇ ਸ਼ਖਸੀਅਤ ਦੇ ਵਿਕਾਸ ਵਿਚ ਅਜਿਹੇ ਕੈਂਪਾਂ ਦੀ ਭੂਮਿਕਾ ਦਾ ਮਹੱਤਵ ਦ੍ਰਿੜ ਕੀਤਾ| ਇਸ ਦੌਰਾਨ ਵਾਈ ਐੱਸ ਪਰਮਾਰ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਇੰਦਰ ਦੇਵ ਅਤੇ ਪਸਾਰ ਮਾਹਿਰ ਡਾ. ਕਿਰਨ ਠਾਕੁਰ ਵਿਦਿਆਰਥੀਆਂ ਦਾ ਹੌਂਸਲਾ ਵਧਾਉਣ ਲਈ ਮੌਜੂਦ ਸਨ|



