ਪੀ.ਏ.ਯੂ. ਦੇ ਵਾਈਸ ਚਾਂਸਲਰ ਨੇ ਹਰ ਵਿਦਿਆਰਥੀ ਨੂੰ ਰੁੱਖ ਲਾਉਣ ਦਾ ਸੱਦਾ ਦਿੱਤਾ

Slide7

ਲੁਧਿਆਣਾ 8 ਜੁਲਾਈ

ਪੀ.ਏ.ਯੂ. ਦੇ ਡਾਇੰਮਡ ਜੁਬਲੀ ਵਰ੍ਹੇ ਦੌਰਾਨ ਯੂਨੀਵਰਸਿਟੀ ਵੱਲੋਂ ਕਲੀਨ ਅਤੇ ਗਰੀਨ ਮੁਹਿੰਮ ਵਜੋਂ ਹੁਣ ਇਕ ਮਹੀਨੇ ਤੱਕ ਰੁੱਖ ਲਾਉਣ ਦੀ ਮੁਹਿੰਮ ਚਲਾਈ ਗਈ ਹੈ| ਇਹ ਕਾਰਜ ਜੁਲਾਈ ਮਹੀਨੇ ਦੇ ਪਹਿਲੇ ਹਫਤੇ ਮਨਾਏ ਜਾਣ ਵਾਲੇ ਵਣ ਮਹਾਂਉਤਸਵ ਨਾਲ ਜੋੜਿਆ ਗਿਆ ਹੈ ਤਾਂ ਜੋ ਵਾਤਾਵਰਨ ਪ੍ਰਤੀ ਜਾਗਰੂਕਤਾ ਅਤੇ ਹਰਿਆਲੀ ਮੁਹਿੰਮ ਨੂੰ ਉਤਸ਼ਾਹਿਤ ਕੀਤਾ ਜਾ ਸਕੇ|

ਇਸੇ ਕਾਰਜ ਮੁਤਾਬਿਕ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਰੁੱਖ ਲਾਉਣ ਦੀ ਮਹਤੱਤਾ ਬਾਰੇ ਗੱਲ ਕੀਤੀ| ਉਹਨਾਂ ਨੇ ਕਿਹਾ ਕਿ ਰੁੱਖਾਂ ਤੋਂ ਬਗੈਰ ਮਨੁੱਖ ਦਾ ਭਵਿੱਖ, ਉਸਦੀਆਂ ਲੋੜਾਂ ਅਤੇ ਭੋਜਨ ਅਸੰਭਵ ਹੋਵੇਗਾ| ਉਹਨਾਂ ਨੇ ਖੇਤੀ ਉਤਪਾਦਨ ਦੇ ਨਾਲ-ਨਾਲ ਆਲੇ-ਦੁਆਲੇ ਰੁੱਖ ਲਾਉਣ ਦੀ ਲੋੜ ਤੇ ਜ਼ੋਰ ਦਿੱਤਾ| ਪੀ.ਏ.ਯੂ. ਵੱਲੋਂ ਇਸ ਦਿਸ਼ਾ ਵਿਚ ਕੀਤੇ ਜਾ ਰਹੇ ਕੰਮਾਂ ਬਾਰੇ ਦੱਸਦਿਆਂ ਵਾਈਸ ਚਾਂਸਲਰ ਨੇ ਕਿਹਾ ਕਿ ਮੌਜੂਦਾ ਮਾਨਸੂਨ ਰੁੱਤ ਵਿਚ ਪੀ.ਏ.ਯੂ. ਨੇ 15,000 ਰੁੱਖ ਲਾਉਣ ਦਾ ਨਿਸ਼ਾਨਾ ਸਾਹਮਣੇ ਰੱਖਿਆ ਹੈ|

ਉਹਨਾਂ ਕਿਹਾ ਕਿ ਯੂਨੀਵਰਸਿਟੀ ਦੇ ਵੱਖ-ਵੱਖ ਕੋਰਸਾਂ ਵਿਚ ਪਹਿਲੇ ਸਾਲ ਦੇ ਵਿਦਿਆਰਥੀ ਇਸ ਮੁਹਿੰਮ ਦਾ ਧੁਰਾ ਹਨ| ਵਾਈਸ ਚਾਂਸਲਰ ਨੇ ਵਿਦਿਆਰਥੀਆਂ ਨੂੰ ਅਕਾਦਮਿਕ ਸਫਰ ਦੇ ਨਾਲ-ਨਾਲ ਰੁੱਖ ਲਾਉਣ ਦੀ ਜ਼ਿੰਮੇਵਾਰੀ ਬਾਰੇ ਸੁਚੇਤ ਕੀਤਾ| ਉਹਨਾਂ ਕਿਹਾ ਕਿ ਹਰ ਵਿਦਿਆਰਥੀ ਲਾਵੇ ਇਕ ਰੁੱਖ ਨਾਅਰੇ ਨੂੰ ਪੀ.ਏ.ਯੂ. ਕੈਂਪਸ ਤੋਂ ਇਲਾਵਾ ਕ੍ਰਿਸ਼ੀ ਵਿਗਿਆਨ ਕੇਂਦਰਾਂ, ਖੋਜ ਕੇਂਦਰਾਂ ਅਤੇ ਬੀਜ ਫਾਰਮਾਂ ਤੱਕ ਪਹੁੰਚਾਇਆ ਜਾਵੇਗਾ| ਕਾਰਪੋਰੇਟ, ਸਮਾਜਿਕ ਜਿੰਮਵਾਰੀ ਯੋਜਨਾ ਤਹਿਤ ਵਰਧਮਾਨ ਸਪੈਸ਼ਲ ਸਟੀਲ ਪ੍ਰਾਈਵੇਟ ਲਿਮਿਟਡ ਦੀ ਇਮਦਾਦ ਨਾਲ ਇਕ ਏਕੜ ਵਿਚ ਮਿਆਵਾਕੀ ਜੰਗਲ ਸਥਾਪਿਤ ਕਰਨ ਦੀ ਯੋਜਨਾ ਬਾਰੇ ਵੀ ਉਹਨਾਂ ਦੱਸਿਆ| ਵਾਈਸ ਚਾਂਸਲਰ ਨੇ ਕਿਹਾ ਕਿ ਬਦਲਦੇ ਪੌਣ ਪਾਣੀ ਵਿਚ ਰੁੱਖਾਂ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ| ਇਸ ਨਾਲ ਪੇਂਡੂ ਅਤੇ ਸ਼ਹਿਰੀ ਜੀਵਨ ਦੇ ਅਨੇਕ ਲਾਭ ਸਾਕਾਰ ਹੋ ਸਕਦੇ ਹਨ| ਇਸ ਤੋਂ ਇਲਾਵਾ ਰੁੱਖਾਂ ਦੀ ਸਮਾਜਿਕ ਅਤੇ ਆਰਥਿਕ ਕੀਮਤ ਵੀ ਹੈ| ਉਹਨਾਂ ਨੇ ਰੁੱਖਾਂ ਅਤੇ ਮਨੁੱਖਾਂ ਦੇ ਸਾਥ ਦੀ ਗੱਲ ਕਰਦਿਆਂ ਇਸ ਸਾਂਝ ਨੂੰ ਬਰਕਰਾਰ ਰੱਖਣ ਲਈ ਮੌਜੂਦਾ ਪੀੜੀਆਂ ਨੂੰ ਸੱਦਾ ਦਿੱਤਾ|

ਮਿਲਖ ਅਧਿਕਾਰੀ ਡਾ. ਰਿਸ਼ੀਇੰਦਰਾ ਸਿੰਘ ਗਿੱਲ ਨੇ ਇਸ ਰੁੱਖ ਲਾਉਣ ਦੀ ਮੁਹਿੰਮ ਦੇ ਸਥਾਨਾਂ ਬਾਰੇ ਜਾਣਕਾਰੀ ਦਿੱਤੀ| ਉਹਨਾਂ ਕਿਹਾ ਕਿ ਗੇਟ ਨੰਬਰ 3 ਦੇ ਕੋਲ ਬੋਗਨਵਿਲੀਆ ਨੂੰ ਲਾਇਆ ਜਾਏਗਾ| ਨੀਲੀ ਗੁਲਮੋਹਰ ਅਤੇ ਪਾਮ ਦੇ ਦਰੱਖਤ ਅਟਾਰੀ ਰੋਡ ਤੇ ਲਾਉਣ ਦੀ ਯੋਜਨਾ ਹੈ| ਪਾਰਕਰ ਹਾਊਸ ਦੇ ਨੇੜੇ ਤੇੜੇ ਕਚਨਾਰ ਦੇ ਰੁੱਖ ਅਤੇ ਸਿਫਟ ਰੋਡ ਤੇ ਲਾਰਜ ਸਟੋਨੀਆ ਦੇ ਰੱੁਖ ਲਾਏ ਜਾਣਗੇ| ਚਾਰਦਿਵਾਰੀ ਦੇ ਨਾਲ-ਨਾਲ ਕੁਦਰਤੀ ਜੰਗਲਾਤ ਦਾ ਮਾਹੌਲ ਬਨਾਉਣ ਦੀ ਯੋਜਨਾ ਹੈ| 3 ਜੁਲਾਈ ਤੋਂ ਸ਼ੁਰੂ ਹੋ ਕੇ ਇਸ ਮੁਹਿੰਮ ਤਹਿਤ ਹਰ ਰੋਜ਼ 150 ਤੋਂ 200 ਬੂਟੇ ਲਾਏ ਜਾਣਗੇ ਅਤੇ ਇਹ ਕਾਰਜ ਸਾਰਾ ਮਹੀਨਾ ਜਾਰੀ ਰਹਿਣ ਦਾ ਅਨੁਮਾਨ ਹੈ| ਇਸ ਨਾਲ ਪੀ.ਏ.ਯੂ. ਦਾ ਸਮੁੱਚਾ ਕੈਂਪਸ ਰੁੱਖਾਂ ਪੱਖੋਂ ਵਿਭਿੰਨਤਾ ਦੀ ਸੈਂਚਰੀ ਵਿਚ ਤਬਦੀਲ ਹੋ ਜਾਵੇਗਾ|

ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਿਹਾ ਕਿ ਅਜਿਹੀਆਂ ਸਮਾਜਿਕ ਮੁਹਿੰਮਾਂ ਨੂੰ ਤਿਉਹਾਰ ਨਾਲ ਜੋੜ ਕੇ ਵਧੇਰੇ ਅਸਰਦਾਰ ਢੰਗ ਨਾਲ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਹੈ| ਉਹਨਾਂ ਨੇ ਵਾਤਾਵਰਨ ਦੀ ਸੁਰੱਖਿਆ, ਕੁਦਰਤ ਦੀ ਸੰਭਾਲ ਅਤੇ ਸਥਿਰ ਵਿਕਾਸ ਵਿਚ ਰੁੱਖਾਂ ਦੇ ਯੋਗਦਾਨ ਦੀ ਗੱਲ ਕਰਦਿਆਂ ਵੱਧ ਤੋਂ ਵੱਧ ਰੁੱਖ ਲਾਉਣ ਲਈ ਅਪੀਲ ਕੀਤੀ| ਡਾ. ਭੁੱਲਰ ਨੇ ਕਿਸਾਨਾਂ ਨੂੰ ਆਪਣੇ ਖੇਤਾਂ ਦੇ ਬੰਨਿਆਂ ਅਤੇ ਮੋਟਰਾਂ ਕੋਲ ਖਾਲੀ ਥਾਵਾਂ ਉੱਪਰ ਰੁੱਖ ਲਾ ਕੇ ਪੰਜਾਬ ਨੂੰ ਹਰਾ ਭਰਾ ਬਨਾਉਣ ਵੱਲ ਕਦਮ ਪੁੱਟਣ ਲਈ ਕਿਹਾ|

ਫਲੋਰੀਕਲਚਰ ਅਤੇ ਲੈਂਡਸੇਕਿਪੰਗ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਛਾਂ ਦਾਰ ਅਤੇ ਫਲਦਾਰ ਰੁੱਖਾਂ ਦੇ ਨਾਲ-ਨਾਲ ਸਜਾਵਟੀ ਰੁੱਖਾਂ ਅਤੇ ਬੂਟਿਆਂ ਦਾ ਵਿਸ਼ੇਸ਼ ਮਹੱਤਵ ਹੈ| ਉਹਨਾਂ ਕਿਹਾ ਕਿ ਕੁਦਰਤ ਨੂੰ ਸੁੰਦਰਤਾ ਨਾਲ ਭਰਪੂਰ ਕਰਨ ਲਈ ਸਜਾਵਟੀ ਰੁੱਖ ਲਾਏ ਜਾਣੇ ਬੇਹੱਦ ਜ਼ਰੂਰੀ ਹਨ| ਇਸ ਨਾਲ ਬਦਲਦੇ ਵਾਤਾਵਰਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਯੋਗਤਾ ਮਿਲੇਗੀ| ਉਹਨਾਂ ਨੇ ਪੀ.ਏ.ਯੂ. ਕੈਂਪਸ ਨੂੰ ਦਿਲਕਸ਼ ਅਤੇ ਖੂਬਸੂਰਤ ਬਨਾਉਣ ਲਈ ਹਰ ਸੰਭਵ ਯਤਨ ਕਰਨ ਦਾ ਭਰੋਸਾ ਦਿਵਾਇਆ|

You may have missed