ਪੀ.ਏ.ਯੂ. ਅਤੇ ਗੋਦਰੇਜ ਨਰਮੇ ਦੀ ਕਾਸ਼ਤ ਲਈ ਸਹਿਯੋਗ ਕਰਨਗੇ

1 (26)
ਲੁਧਿਆਣਾ 6 ਮਈ (ਅਮਰੀਕ ਸਿੰਘ ਪ੍ਰਿੰਸ)
ਗੋਦਰੇਜ ਇੰਡਸਟਰੀਜ਼ ਲਿਮਿਟਡ ਦੇ ਕਾਰਪੋਰੇਟ ਸਰੋਕਾਰਾਂ ਦੇ ਸਮੂਹ ਪ੍ਰਧਾਨ ਅਤੇ ਸਹਿਯੋਗੀ ਕੰਪਨੀਆਂ ਦੇ ਕਾਰਜਕਾਰੀ ਅਧਿਕਾਰੀ ਸ਼੍ਰੀ ਰਾਕੇਸ਼ ਸਵਾਮੀ ਦੀ ਅਗਵਾਈ ਵਿਚ ਇਕ ਵਫ਼ਦ ਨੇ ਬੀਤੇ ਦਿਨੀਂ ਪੀ.ਏ.ਯੂ. ਦਾ ਦੌਰਾ ਕੀਤਾ| ਇਸ ਵਫ਼ਦ ਨੇ ਪੀ.ਏ.ਯੂ. ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਸਥਿਰ ਖੇਤੀ ਦੇ ਤਰੀਕਿਆਂ ਅਤੇ ਵਿਸ਼ੇਸ਼ ਕਰਕੇ ਨਰਮਾ ਉਤਪਾਦਕ ਕਿਸਾਨਾਂ ਦੀ ਆਮਦਨ ਵਿਚ ਵਾਧੇ ਲਈ ਗੱਲਬਾਤ ਕੀਤੀ| ਪੀ.ਏ.ਯੂ. ਵੱਲੋਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਅਗਵਾਈ ਵਿਚ ਅਧਿਕਾਰੀਆਂ ਦੇ ਉੱਚ ਪੱਧਰੀ ਮੰਡਲ ਨੇ ਮੀਟਿੰਗ ਵਿਚ ਸ਼ਿਰਕਤ ਕੀਤੀ|
ਸ਼੍ਰੀ ਸਵਾਮੀ ਨੇ ਗੋਦਰੇਜ ਵੱਲੋਂ ਲੰਮੇ ਸਮੇਂ ਦੀਆਂ ਯੋਜਨਾਵਾਂ ਵਿਚ ਕੀਤੇ ਜਾਂਦੇ ਕੰਮਾਂ ਦਾ ਵੇਰਵਾ ਦਿੰਦੇ ਹੋਏ ਗੱਲਬਾਤ ਦੀ ਸ਼ੁਰੂਆਤ ਕੀਤੀ| ਉਹਨਾਂ ਦੱਸਿਆ ਕਿ ਉਹਨਾਂ ਦੀ ਕੰਪਨੀ ਸਥਿਰ ਖੇਤੀ, ਊਰਜਾ ਦੀ ਯੋਗਤਾ ਵਧਾਉਣ, ਪਾਣੀ ਦੀ ਸੰਭਾਲ ਅਤੇ ਰਹਿੰਦ-ਖੂੰਹਦ ਨਜਿੱਠਣ ਬਾਰੇ ਕਾਰਜ ਕਰ ਰਹੀ ਹੈ| ਇਹ ਮਸਲੇ ਨਾ ਸਿਰਫ਼ ਅੱਜ ਦੇ ਕਾਰਪੋਰੇਟ ਸੰਸਾਰ ਅੱਗੇ ਚੁਣੌਤੀ ਵਾਂਗ ਖੜੇ ਹਨ ਬਲਕਿ ਸਥਿਰ ਭਵਿੱਖ ਲਈ ਵਿਚਾਰੇ ਜਾਣ ਦੀ ਮੰਗ ਵੀ ਕਰਦੇ ਹਨ| ਉਹਨਾਂ ਨੇ ਕਿਸਾਨਾਂ ਦੀ ਭਲਾਈ ਲਈ ਕੰਪਨੀ ਵੱਲੋਂ ਕੀਤੇ ਕੰਮਾਂ ਦਾ ਹਵਾਲਾ ਦਿੰਦੇ ਦੱਸਿਆ ਕਿ ਉਹ ਜੈਵਿਕ ਖੇਤੀ, ਮੁਰਗੀ ਪਾਲਣ ਅਤੇ ਖੇਤੀ ਮਸ਼ੀਨਰੀ ਬੈਂਕ ਦੇ ਖੇਤਰ ਵਿਚ ਕਾਰਜ ਕਰਕੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰ ਰਹੇ ਹਨ| ਉਹਨਾਂ ਨੇ ਭਾਰਤ ਦੇ ਕੁੱਲ ਘਰੇਲੂ ਉਤਪਾਦ ਵਿਚ ਖੇਤੀ ਦੀ ਭੂਮਿਕਾ ਦਾ ਜ਼ਿਕਰ ਕੀਤਾ| ਗੋਦਰੇਜ ਸਮੂਹ ਵੱਲੋਂ ਕਿਸਾਨਾਂ ਦੀ ਸਹਾਇਤਾ ਲਈ ਤਤਪਰਤਾ ਦਿਖਾਉਦਿਆਂ ਸ਼੍ਰੀ ਸਵਾਮੀ ਨੇ ਕਿਹਾ ਕਿ ਪਸ਼ੂ ਪਾਲਣ ਦੇ ਖੇਤਰ ਵਿਚ ਸਿਖਲਾਈ ਦੇ ਕੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਕੰਪਨੀ ਯਤਨਸ਼ੀਲ ਹੈ| ਇਸਦੇ ਨਾਲ ਹੀ ਉਹਨਾਂ ਨੇ ਨਰਮਾ ਕਾਸ਼ਤਕਾਰਾਂ ਦੀ ਭਲਾਈ ਲਈ ਕਈ ਯੋਜਨਾਵਾਂ ਦਾ ਉਲੇਖ ਕੀਤਾ ਜਿਸ ਨਾਲ ਉੱਚ ਘਣਤਾ ਬਿਜਾਈ ਪ੍ਰਬੰਧ ਯੋਜਨਾ ਲਾਗੂ ਕੀਤੀ ਜਾ ਸਕੇ| ਇਕ ਪੇਸ਼ਕਾਰੀ ਰਾਹੀਂ ਡਾ. ਸਵਾਮੀ ਨੇ ਭਾਰਤ ਵਿਚ ਦੁਨੀਆਂ ਦੇ ਮੁਕਾਬਲੇ ਨਰਮੇ ਦੀ ਕਾਸ਼ਤ ਦੀ ਸਥਿਤੀ ਬਾਰੇ ਗੱਲ ਕਰਦਿਆਂ ਇਸ ਫਸਲ ਅਧੀਨ ਆਉਂਦੇ ਰਕਬੇ ਵਿਚ ਵਾਧੇ, ਉਤਪਾਦਨ ਅਤੇ ਵਿਕਾਸ ਦੀ ਸਥਿਤੀਆਂ ਸੰਬੰਧੀ ਵਿਉਂਤਬੰਦੀ ਸਾਂਝੀ ਕੀਤੀ| ਨਰਮੇ ਵਿਚ ਉੱਚ ਘਣਤਾ, ਬਿਜਾਈ ਪ੍ਰਬੰਧ ਯੋਜਨਾ ਬਾਰੇ ਗੱਲ ਕਰਦਿਆਂ ਡਾ. ਸਵਾਮੀ ਨੇ ਤਕਨਾਲੋਜੀ ਦੇ ਰੂਪਾਂਤਰਣ ਅਤੇ ਸਿਖਲਾਈ ਰਾਹੀਂ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਨਾਲ ਜੋੜਨ ਅਤੇ ਇਸਲਈ ਪੀ.ਏ.ਯੂ. ਦੇ ਸਹਿਯੋਗ ਬਾਰੇ ਆਸ ਪ੍ਰਗਟ ਕੀਤੀ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਪੀ.ਏ.ਯੂ. ਵੱਲੋਂ ਹਰੀ ਕ੍ਰਾਂਤੀ ਲਈ ਪਾਏ ਯੋਗਦਾਨ ਦਾ ਹਵਾਲਾ ਦਿੰਦਿਆਂ ਰਾਜ ਵਿਚ ਨਰਮੇ ਦੀ ਕਾਸ਼ਤ ਦੇ ਹਾਲਾਤ ਬਾਰੇ ਵਿਸਥਾਰ ਨਾਲ ਗੱਲ ਕੀਤੀ| ਉਹਨਾਂ ਕਿਹਾ ਕਿ ਪੀ.ਏ.ਯੂ. ਦਾ ਉਦੇਸ਼ ਇਲਾਕੇ ਵਿਚ ਨਰਮੇ ਦੀ ਕਾਸ਼ਤ ਹੇਠ ਹੋਰ ਰਕਬਾ ਲਿਆਉਣਾ, ਉੱਨਤ ਕਿਸਮਾਂ ਨੂੰ ਕਿਸਾਨਾਂ ਤੱਕ ਪਹੁੰਚਾਉਣਾ ਅਤੇ ਇਸਲਈ ਬਰੀਡਿੰਗ ਪ੍ਰੋਗਰਾਮ ਚਲਾ ਕੇ ਕੀੜਿਆਂ ਦੀ ਰੋਕਥਾਮ ਦੇ ਵਾਤਾਵਰਨ ਪੱਖੀ ਢੰਗਾਂ ਨੂੰ ਉਤਸ਼ਾਹਿਤ ਕਰਨਾ ਹੈ| ਉਹਨਾਂ ਨੇ ਪੀ.ਏ.ਯੂ. ਵੱਲੋਂ ਸਿਫ਼ਾਰਸ਼ ਕੀਤੇ ਜਾਂਦੇ ਕੀੜਿਆਂ ਦੀ ਰੋਕਥਾਮ ਦੇ ਨਵੇਂ ਤਰੀਕਿਆਂ ਦੀ ਗੱਲ ਕਰਦਿਆਂ ਗੁਲਾਬੀ ਸੁੰਡੀ ਦੀ ਰੋਕਥਾਮ ਬਾਰੇ ਯੂਨੀਵਰਸਿਟੀ ਦਾ ਨਜ਼ਰੀਆ ਸਾਂਝਾ ਕੀਤਾ| ਡਾ. ਗੋਸਲ ਨੇ ਨਰਮੇ ਦੀ ਕਾਸ਼ਤ ਸੰਬੰਧੀ ਯੋਜਨਾਵਾਂ ਸਾਂਝੀਆਂ ਕਰਦਿਆਂ ਡਰੋਨ ਵਰਗੀਆਂ ਨਵੀਆਂ ਤਕਨੀਕਾਂ ਰਾਹੀਂ ਛਿੜਕਾਅ ਅਤੇ ਸਿਖਲਾਈ ਦੇ ਤਰੀਕਿਆਂ ਦੀ ਗੱਲ ਕੀਤੀ| ਉਹਨਾਂ ਕਿਹਾ ਕਿ ਲੰਬੇ ਸਮੇਂ ਦੀ ਯੋਜਨਾ ਲਈ ਗੋਦਰੇਜ ਵਰਗੀਆਂ ਕੰਪਨੀਆਂ ਨਾਲ ਸਹਿਯੋਗ ਲਾਭਕਾਰੀ ਸਾਬਿਤ ਹੋਵੇਗਾ| ਡਾ. ਗੋਸਲ ਨੇ ਪੀ.ਏ.ਯੂ. ਵੱਲੋਂ ਕਿਸਾਨੀ ਦੀ ਭਲਾਈ ਲਈ ਕੀਤੇ ਜਾਂਦੇ ਯਤਨਾਂ ਦੀ ਗੱਲ ਕੀਤੀ ਅਤੇ ਨਾਲ ਹੀ ਭਵਿੱਖ ਵਿਚ ਕਿਸਾਨੀ ਸਮਾਜ ਦੀ ਭਲਾਈ ਲਈ ਹਰ ਸੰਭਵ ਕੋਸ਼ਿਸ਼ ਕਰਦੇ ਰਹਿਣ ਦਾ ਯੂਨੀਵਰਸਿਟੀ ਦਾ ਅਹਿਦ ਦੁਹਰਾਇਆ|
ਮੀਟਿੰਗ ਦੌਰਾਨ ਮਾਹਿਰਾਂ ਨੇ ਕਈ ਮੁੱਦਿਆਂ ਤੇ ਵਿਚਾਰ ਕੀਤੀ ਜਿਨ੍ਹਾਂ ਵਿਚ ਸੰਯੁਕਤ ਕੀਟ ਪ੍ਰਬੰਧ, ਖੇਤੀ ਵਿਗਿਆਨਕ ਤਰੀਕੇ ਅਤੇ ਨਰਮੇ ਦੀ ਖੇਤੀ ਨਾਲ ਸੰਬੰਧਿਤ ਕਿਸਾਨਾਂ ਦੀ ਭਲਾਈ ਸ਼ਾਮਿਲ ਸੀ| ਇਸਦੇ ਨਾਲ ਹੀ ਨਦੀਨਾਂ ਦੀ ਰੋਕਥਾਮ ਬਾਰੇ ਵੀ ਵਿਸਥਾਰ ਨਾਲ ਚਰਚਾ ਹੋਈ|
ਮੀਟਿੰਗ ਦੇ ਅੰਤ ਤੇ ਡਾ. ਗੋਸਲ ਅਤੇ ਸ਼੍ਰੀ ਸਵਾਮੀ ਨੇ ਦੋਵਾਂ ਸੰਸਥਾਵਾਂ ਵਿਚਕਾਰ ਸਹਿਯੋਗ ਲਈ ਜੋਸ਼ ਪ੍ਰਗਟ ਕੀਤਾ| ਦੋਵਾਂ ਸੰਸਥਾਵਾਂ ਨੇ ਨਰਮਾ ਉਤਪਾਦਕ ਕਿਸਾਨਾਂ ਦੀ ਬਿਹਤਰੀ ਲਈ ਇਕਜੁੱਟਤਾ ਦਰਸਾਉਂਦਿਆਂ ਇਸ ਸਾਂਝ ਨੂੰ ਲੰਮੇ ਸਮੇਂ ਤੱਕ ਜਾਰੀ ਰੱਖਣ ਦਾ ਪ੍ਰਣ ਕੀਤਾ|
ਸਮਾਰੋਹ ਦਾ ਸੰਚਾਲਨ ਸੰਸਥਾਈ ਸੰਪਰਕ ਦੇ ਸਹਿਯੋਗੀ ਨਿਰਦੇਸ਼ਕ ਡਾ. ਵਿਸ਼ਾਲ ਬੈਕਟਰ ਨੇ ਕੀਤਾ|

You may have missed